HistoricalShaheed Singh Lifes Story

ਸੰਤ ਭਿੰਡਰਾਂਵਾਲਿਆਂ ਖਿਲਾਫ ਮੰਦੀ ਸ਼ਬਦਾਵਲੀ ਬੋਲਣ ਵਾਲੇ ਥਾਣੇਦਾਰ ਨਾਲ ਬੁਰੀ ਹੋਈ

ਫਰਬਰੀ ਮਹੀਨੇ ਦੇ ਅਖੀਰਲੇ ਹਫਤੇ ਜਲੰਧਰ ਜੇਲ ਦੀਆਂ 36 ਚੱਕੀਆਂ ਦੇ ਇੱਕ ਨੰਬਰ ਬਲਾਕ ਵਿੱਚ ਜਦੋਂ ਸਵੇਰ ਦੀ ਬੰਦੀ ਖੁੱਲੀ ਤਾਂ ਇੱਕ ਜੇਲ੍ਹ ਮੁਲਾਜ਼ਮ ਜਿਸਨੇ ਹੱਥ ਵਿੱਚ ਇੱਕ ਪਰਚੀ ਫੜੀ ਹੋਈ ਸੀ,ਅਵਾਜ ਮਾਰ ਕੇ ਦੱਸਿਆ ਕਿ ਸੁਖਦੇਵ ਸਿੰਘ ਉਰਫ ਸੁੱਖਾ ਸਿਪਾਹੀ ਨੂੰ ਹਰਿਆਣਾ ਦੀ ਪੁਲੀਸ ਪ੍ਰੋਡਕਸ਼ਨ ਵਰੰਟਾਂ ਤੇ ਲੈਣ ਆਈ ਹੈ,ਇਸ ਕਰਕੇ ਤਿਆਰ ਹੋ ਜਾਵੇ। ਹਰਿਆਣੇ ਵਿੱਚ ਆਪ ਨੇ ਆਪਣੇ ਸਾਥੀ ਸਿੰਘਾਂ ਨਾਲ ਸਿੱਖ ਕੌਮ ਦੇ ਦੋਖੀ ਇੱਕ ਵੋਹਰੇ ਨਾਮ ਦੇ ਹਰਿਆਣਾ ਐਸੰਬਲੀ ਦੇ ਸਪੀਕਰ ਤੇ ਕਾਤਲਾਨਾ ਹਮਲਾ ਕੀਤਾ ਸੀ ਅਤੇ ਇਸ ਹਮਲੇ ਦੌਰਾਨ ਆਪ ਦੇ ਵੀ ਗੋਲੀ ਲੱਗ ਗਈ ਸੀ।

Shaheeds: General Labh Singh, Bhai Charanjit Singh Channi, Bhai Harjinder Singh Jinda and Bhai Gurjeet Singh

Shaheeds: General Labh Singh, Bhai Charanjit Singh Channi, Bhai Harjinder Singh Jinda and Bhai Gurjeet Singh

ਜਦੋਂ ਇਹ ਖਬਰ ਮਿਲੀ ਤਾਂ ਬਲਾਕ ਵਿੱਚ ਰਹਿੰਦੇ ਸਾਰੇ ਸਿੰਘ ਚਿੰਤਾ ਵਿੱਚ ਪੈ ਗਏ। ਖਬਰ ਦੇਣ ਵਾਲੇ ਨੇ ਆਪ ਨੂੰ ਤਿਆਰ ਹੋਣ ਲਈ ਆਖਿਆ ਸੀ। ਸੋ ਆਪ ਨੇ ਤਿਆਰੀ ਕੀਤੀ ਅਤੇ ਆਪ ਪੂਰੀ ਤਰਾਂ ਚੜਦੀ ਕਲਾ ਵਿੱਚ ਸਨ। ਕਰੀਬ ਅਸੀਂ ਦਸ ਸਿੰਘ ਜਿਹਨਾਂ ਵਿੱਚ ਦਾਸ (ਲਵਸ਼ਿੰਦਰ ਸਿੰਘ ਡੱਲੇਵਾਲ) ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ,ਭਾਈ ਹਰਮਿੰਦਰ ਸਿੰਘ ਅਤੇ ਕੁੱਝ ਧਰਮੀ ਫੌਜੀ ਆਪ ਨੂੰ ਜੇਲ ਦੀ ਡਿਉੜੀ ਤੱਕ ਛੱਡਣ ਗਏ। ਡਿਉੜੀ ਵਿੱਚ ਹਰਿਆਣਵੀ ਪੁਲੀਸ ਵਾਲੇ ਵਾਰ ਵਾਰ ਆਖ ਰਹੇ ਸਨ ਕਿ “ਸਰਦਾਰ ਜੀ ਹਮ ਇਨਹੇ ਕੁੱਝ ਨਹੀਂ ਆਖੇਂਗੇ।”

ਆਪ ਦੇ ਦੋਵਾਂ ਹੱਥਾਂ ਨੂੰ ਇੱਕ-ਇੱਕ ਹੱਥ ਕੜੀ ਲਗਾਈ ਵੈਸੇ ਇੱਕ ਹੱਥਕੜੀ ਹੀ ਇੱਕ ਹੱਥ ਨੂੰ ਜਾਂ ਦੋਹਾਂ ਹੱਥਾਂ ਨੂੰ ਲਗਾਈ ਜਾਂਦੀ ਹੈ ਅਤੇ ਦੋ ਸਿਪਾਹੀਆਂ ਨੇ ਆਪੋ ਆਪਣੀ ਹੱਥਕੜੀ ਨੂੰ ਫੜ ਲਿਆ। ਹਰਿਆਣਵੀ ਪੁਲੀਸ ਵਾਲੇ ਭਾਈ ਸੁਖਦੇਵ ਸਿੰਘ ਨੂੰ ਆਪਣੀ ਮੈਟਾਡੋਰ ਵਿੱਚ ਬਿਠਾ ਕੇ ਲੈ ਗਏ। ਜਦੋਂ ਪੰਜ ਕੁ ਦਿਨ ਬਾਅਦ ਆਪ ਵਾਪਸ ਆਏ ਤਾਂ ਸੰਤਰੀ ਫਟਾ ਫਟਾ ਦੱਸ ਗਿਆ ਸੁਖਦੇਵ ਸਿੰਘ ਬਾਈ ਆ ਗਿਆ ਹੈ। ਬਲਾਕ ਵਿੱਚ ਬੰਦ ਸਾਰੇ ਸਿੰਘਾਂ ਨੇ ਗਰਮਜੋਸ਼ੀ ਨਾਲ ਆਪ ਦਾ ਸਵਾਗਤ ਕੀਤਾ। ਆਪ ਨੂੰ ਗਰਮ ਦੁੱਧ ਛਕਾਇਆ ਗਿਆ ਅਤੇ ਫਿਰ ਪੁੱਛਿਆ ਕਿ ਪੁਲੀਸ ਵਾਲਿਆਂ ਤਸ਼ੱਦਦ ਤਾਂ ਨਹੀਂ ਕੀਤਾ ਤਾਂ ਆਪ ਨੇ ਦੱਸਿਆ ਨਿਆਂਇਕ ਹਿਰਾਸਤ ਵਿੱਚ ਹੋਣ ਕਰਕੇ ਸ਼ਾਇਦ ਨਾ ਹੀ ਕਰਦੇ ਪਰ ਕੁੱਤਿਆਂ ਨੇ ਕੀਤਾ ਬੜੀ ਰੂਹ ਨਾਲ ਹੈ।

ਅਸੀਂ ਪੁੱਛਿਆ ਕਿ ਉਹ ਕਿਵੇਂ ?? ਤਾਂ ਆਪ ਨੇ ਦੱਸਿਆ ਕਿ ਜਦੋਂ ਹਰਿਆਣਾ ਦੀ ਪੁਲੀਸ ਨੇ ਮੈਜਿਸਟਰੇਟ ਸਾਹਮਣੇ ਪੇਸ਼ ਕਰਨ ਮਗਰੋਂ ਰਿਮਾਂਡ ਪ੍ਰਾਪਤ ਕਰਕੇ ਕੇਸ ਨਾਲ ਸਬੰਧਤ ਥਾਣੇ ਲੈ ਕੇ ਗਈ ਤਾਂ ਸ਼ਾਮ ਪੈ ਚੁੱਕੀ। ਘੰਟੇ ਕੁ ਬਾਅਦ ਠਾਣੇ ਦਾ ਇੰਚਾਰਜ ਆ ਗਿਆ ਤਾਂ ਮੈਂਨੂੰ ਹਵਾਲਾਤ ਚੋਂ ਕੱਢ ਕੇ ਹੱਥਕੜੀ ਲਗਾ ਕੇ ਉਹਦੇ ਦਫਤਰ ਵਾਲੇ ਕਮਰੇ ਵਿੱਚ ਲੈ ਗਏ। ਮੈਨੂੰ ਵੇਖਦੇ ਸਾਰ ਹੀ ਉਹ ਟਿੱਚਰ ਨਾਲ ਮੁਸਕਰਾ ਕੇ ਆਖਣ ਲੱਗਾ ਕਿ ਅਬ ਬਤਾਉ ? ਕਹਾਂ ਹੈ ਤੁਮਾਰਾ ਭਿੰਡਰਾਂਵਾਲਾ ?? ਲੈ ਆਉ ਉਸ ਕੋ ਭੀ, ਹਮ ਉਨਹੇਂ ਭੀ ਦੇਖ ਲੇਂਗੇ। ਇਸਦੇ ਨਾਲ ਹੀ ਸੰਤਾਂ ਨੂੰ ਉਸਨੇ ਇੱਕ ਕੁਬੋਲ ਬੋਲ ਦਿੱਤਾ। ਆਪ ਨੇ ਦੱਸਿਆ ਕਿ ਮੈਂ ਕੁੱਝ ਸਮਾਂ ਚੁੱਪ ਰਿਹਾ ਅਤੇ ਹੌਲੀ ਹੌਲੀ ਉਸ ਇੰਸਪੈਕਟਰ ਦੇ ਇੰਨਾ ਕੁ ਨਜ਼ਦੀਕ ਚਲਾ ਗਿਆ ਕਿ ਉਹ ਮੇਰੀ ਰੇਂਜ ਵਿੱਚ ਆ ਗਿਆ ਤਾਂ ਮੈਂ ਇੱਕ ਦਮ ਹੱਥਕੜੀ ਉਹਦੇ ਸਿਰ ਵਿੱਚ ਮਾਰੀ ਜੋ ਕਿ ਉਹਦੇ ਮੱਥੇ ਵਿੱਚ ਜਾ ਵੱਜੀ ਅਤੇ ਨਾਲ ਹੀ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਹੱਥਕੜੀ ਵੱਜਦੇ ਸਾਰ ਹੀ ਉਹਦੇ ਮੱਥੇ ਚੋਂ ਖੂਨ ਦੀਆਂ ਤਤੀਰੀਆਂ ਵਗਣ ਲੱਗ ਪਈਆਂ। ਇੰਸਪੈਕਟਰ ਨੇ ਚੀਕ ਚਿਹਾੜਾ ਪਾ ਦਿੱਤਾ ਅਤੇ ਪੁਲੀਸੀਏ ਇਕੱਠੇ ਹੋ ਗਏ ਤੇ ਮੇਰੇ ਤੇ ਡਾਂਗਾਂ ਦੀ ਮੀਂਹ ਵਰਾ ਦਿੱਤਾ,ਦੋ ਕੁ ਘੰਟੇ ਮੈਨੂੰ ਬਾਅਦ ਸੁਰਤ ਆਈ। ਇਸ ਤੋਂ ਬਾਅਦ ਉਹਨਾਂ ਡਾਂਗਾਂ ਦੇ ਪਏ ਨਿਸ਼ਾਨ ਵੀ ਦਿਖਾਏ। ਇਹ ਸੀ ਉਸ ਮਹਾਨ ਯੋਧੇ ਦੀ ਸੰਤਾਂ ਪ੍ਰਤੀ ਆਸਥਾ ,ਸ਼ਰਧਾ ਅਤੇ ਪਿਆਰ ਕਿ ਸੰਤ ਭਿੰਡਰਾਂਵਾਲਿਆਂ ਦੀ ਸ਼ਾਨ ਖਿਲਾਫ ਕੋਈ ਗੱਲ ਬਰਦਾਸ਼ਤ ਨਹੀਂ ਕਰਨੀ।

ਲਵਸ਼ਿੰਦਰ ਸਿੰਘ ਡੱਲੇਵਾਲ

Tags

Leave a Comment

This site uses Akismet to reduce spam. Learn how your comment data is processed.

Back to top button
Close
Close