Sikh News

ਬੁਰਹਾਨ ਵਾਨੀ ਦੀ ਫੋਟੋ ਤੇ ਇਤਰਾਜ ਕਰਨ ਵਾਲਿਆਂ ਨੂੰ “ਕਰਾਰ ਜਵਾਬ”

ਪੰਜਾਬੀ ਦੇ ਇੱਕ ਵੱਡੇ ਚੈਨਲ ਦੀ ਕੱਲ ਦੀ ਵੱਡੀ ਖਬਰ ਇਹ ਸੀ ਕਿ ਫਤਿਹਗੜ੍ਹ ਸਾਹਿਬ ਦੇ ‘ਜੋੜ੍ਹ ਮੇਲ’ ਵਿੱਚ ‘ਵੰਗਾਰ’ ਰਸਾਲਾ ਵੇਚਿਆ ਗਿਆ, ਜਿਸ ਦੇ ਮੁੱਖ ਪੰਨੇ ਉਤੇ ਕਸ਼ਮੀਰੀ ਮੁਜਾਹਿਦ ਬੁਰਹਾਨ ਵਾਣੀ ਦੀ ਤਸਵੀਰ ਹੈ। ਇਹ ਰਸਾਲਾ 2016 ਦਾ ਹੈ,ਇੱਕ ਸਾਲ ਪੁਰਾਣਾ ਤੇ ਅਕਾਲੀ ਦਲ ਅਮ੍ਰਤਿਸਰ ਦੀ ਕਾਨਫਰੰਸ ਦੇ ਬਾਹਰ ਲੱਗੇ ਬੁੱਕ ਸਟਾਲ ਉਤੇ ਵੇਚਿਆ ਜਾ ਰਿਹਾ ਸੀ।

ਪਹਿਲਾਂ ਤਾਂ ਇਸ ਪੰਜਾਬੀ ਚੈਨਲ ਦਾ ਧੰਨਵਾਦ ਕਰਨਾ ਬਣਦਾ ਹੈ, ਜਿਸ ਦੀ ਖਬਰ ਨੇ ‘ਵੰਗਾਰ’ ਰਸਾਲੇ ਨੂੰ ਘਰ ਘਰ ਪਹੁੰਚਾ ਦਿੱਤਾ। ਸ਼ਾਮ ਦੀਆਂ ਖਬਰਾਂ ਸੁਣ ਕੇ ਪਤਾ ਲੱਗਾ ਕਿ ਜਿਸ ਲੇਖ ਦਾ ਸਿਰਲੇਖ ਬਾਰ ਬਾਰ ਸੁਣਾਇਆ ਜਾ ਰਿਹਾ ਹੈ, ਉਹ ਮੇਰਾ ਹੀ ਹੈ। ਬੁਰਹਾਨ ਵਾਣੀ ਦੇ ਭਾਰਤੀ ਫੌਜਾਂ ਨਾਲ ਮੁਕਾਬਲੇ ਵਿੱਚ ਮਾਰੇ ਜਾਣ ਬਾਰੇ ਲਿਖੇ, ਇਸ ਲੇਖ ਦਾ ਸਿਰਲੇਖ ਸੀ, ‘ਮੁਕਾਬਲੇ ਵਿੱਚ ਮਾਰੇ ਜਾਣ ਦਾ ਵੀ ਇੱਕ ਆਪਣਾ ਹੀ ਹੁਸਨ ਹੁੰਦਾ ਹੈ’।

ਸਵੇਰੇ ਕਸ਼ਮੀਰ ਦੀ ਇੱਕ ਅੰਗਰੇਜ਼ੀ ਅਖਬਾਰ ਦੀ ਖਬਰ ਪੜ੍ਹ ਕੇ ਪਤਾ ਲੱਗਾ ਕਿ ਜਿਨ੍ਹਾਂ ਦੋ ਲੇਖਾਂ ਦਾ ਇਹ ਚੈਨਲ ਜ਼ਿਕਰ ਕਰ ਰਿਹਾ ਸੀ, ਦੋਵੇਂ ਹੀ ਮੇਰੇ ਹਨ। ਮੈਂ ਪਿਛਲੇ ਸਾਲ ਕਸ਼ਮੀਰ ਵਿੱਚ ਬੁਰਹਾਨ ਵਾਣੀ ਸ਼ਹਾਦਤ ਬਾਦ ਦੋ ਤਿੰਨ ਲੇਖ ਲਿਖੇ ਸਨ। ਇਹ ਚੈਨਲ ਇਸ ਰਸਾਲੇ ਦੇ ਟਾਈਟਲ ਉਤੇ ਬੁਰਹਾਨ ਵਾਣੀ ਦੀ ਤਸਵੀਰ ਤੇ ਇਹਨਾਂ ਲੇਖਾਂ ਦਾ ਇਸ ਤਰ੍ਹਾਂ ਜ਼ਿਕਰ ਕਰ ਰਿਹਾ ਸੀ,ਕਿ ਜਿਵੇਂ ਇਸ ਨਾਲ ਭਾਰਤ ਉਤੇ ਕੋਈ ਨਵਾਂ ਹਮਲਾ ਹੋ ਗਿਆ ਹੋਵੇ। ਸ਼ਾਮ ਨੂੰ ਇਸ ‘ਮੁੱਦੇ’ ਤੇ ਇੱਕ ਘੰਟੇ ਦਾ ਇੱਕ ਖਾਸ ਪ੍ਰੋਗਰਾਮ ਵੀ ਕੀਤਾ ਗਿਆ।

ਭਾਰਤੀ ਮੀਡੀਆ ਦੇ ਇਸ ਰਵਈਏ ਬਾਰੇ ਕੀ ਕਿਹਾ ਜਾਵੇ? ਕੀ ਸ਼ਹੀਦ ਤੇ ਗੱਦਾਰ ਉਹੀ ਹੁੰਦੇ ਹਨ, ਜਿਨ੍ਹਾਂ ਨੂੰ ਭਾਰਤੀ ਮੀਡੀਆ ਤੇ ਸਰਕਾਰ ਮੰਨੇ?
ਸਿੱਖ ਕੌਮ ਦੇ ਯੋਧੇ, ਤੇ ਸ਼ਹੀਦ ਸਾਡੇ ਹਨ, ਭਾਰਤੀ ਸ਼ਹੀਦ, ਜ਼ਰੂਰੀ ਨਹੀਂ ਕਿ ਸਾਡੇ ਲਈ ਵੀ ਸ਼ਹੀਦ ਹੀ ਹੋਣ। ਸਾਡੇ ਲਈ ਉਹ ਸਾਡੇ ਮੁਜਰਿਮ ਵੀ ਹੋ ਸਕਦੇ ਹਨ।

ਕਸ਼ਮੀਰ,ਨਾਗਾਲੈਂਡ ਤੇ ਹੋਰ ਉਹ ਸਾਰੀਆਂ ਕੌਮਾਂ ਜੋ ਦਿੱਲੀ ਦੇ ਖਿਲਾਫ ਆਪੋ ਆਪਣੀ ਆਜ਼ਾਦੀ ਲਈ ਲੜ੍ਹ ਰਹੀਆਂ ਹਨ, ਉਹ ਸਾਡੀਆਂ ਦੋਸਤ ਕੌਮਾਂ ਹਨ ਤੇ ਉਹਨਾਂ ਦੇ ਸ਼ਹੀਦ ਵੀ ਸਾਡੇ ਲਈ ਸਤਿਕਾਰ ਦੇ ਕਾਬਿਲ ਹਨ। ਇਸ ਰਿਸ਼ਤੇ ਨਾਲ ਬੁਰਹਾਨ ਵਾਣੀ ਸਾਡਾ ਮਿੱਤਰ ਸ਼ਹੀਦ ਹੈ ਤੇ ਸਾਡੇ ਲਈ ਵੀ ਹੀਰੋ ਹੈ। ਉਸ ਦੀ ਕਾਤਿਲ ਭਾਰਤੀ ਫੌਜ ਸਾਡੀ ਦੋਸਤ ਨਹੀਂ ਹੈ। ਇਸ ਫੋਜ ਦੇ ਹੀ ਇੱਕ ਹਿੱਸੇ ਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਸੀ ਤੇ ਸਾਡੇ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ ਸੀ, ਤੇ ਅਕਾਲ ਤਖੱਤ ਸਾਹਿਬ ਉਤੇ ਤੋਪਾਂ ਦੇ ਗੋਲ੍ਹੇ ਵਰ੍ਹਾਏ ਸਨ, ਇਹ ਅਸੀਂ ਕਦੇ ਨਹੀਂ ਭੁੱਲ ਸਕਦੇ।

ਲਿਖਤ :- ਗਜਿੰਦਰ ਸਿੰਘ,ਦਲ ਖਾਲਸਾ

Leave a Comment

This site uses Akismet to reduce spam. Learn how your comment data is processed.

Close
Close