ਜਗਤਾਰ ਜੌਹਲ ਦਾ ਇਕਬਾਲੀਆ ਬਿਆਨ ਜਨਤਕ ਹੋਣ ਦੀ ਜਾਂਚ ਹੋਵੇ’


ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਕਥਿਤ ਇਕਬਾਲੀਆ ਬਿਆਨ ਦੇ ਜਨਤਕ ਹੋਣ ਤੋਂ ਬਾਅਦ ਬੀਬੀਸੀ ਪੰਜਾਬੀ ਦੇ ਫੇਸਬੁੱਕ ਲਾਈਵ ‘ਚ ਇਹ ਗੱਲ ਸਾਹਮਣੇ ਆਈ ਹੈ ਭਾਰਤੀ ਕਨੂੰਨ ਮੁਤਾਬਕ ਪੁਲਿਸ ਹਿਰਾਸਤ ਦੇ ਇਕਬਾਲੀਆ ਬਿਆਨ ਦਾ ਜਨਤਕ ਹੋਣਾ ਗ਼ੈਰਕਨੂੰਨੀ ਹੈ ਤੇ ਕਥਿਤ ਮੁਲਜ਼ਮ ਦੇ ਅਧਿਕਾਰਾਂ ਦਾ ਘਾਣ ਹੈ।ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਰੰਜਨ ਲਖਨਪਾਲ ਨੇ ਫੇਸਬੁੱਕ ਲਾਈਵ ਦੌਰਾਨ ਇਸ ਮੁੱਦੇ ਉੱਤੇ ਖੁੱਲ ਕੇ ਆਪਣੀ ਰਾਏ ਦਿੱਤੀ।ਸੋਸ਼ਲ ਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਜਗਤਾਰ ਜੌਹਲ ਦੇ ਕਥਿਤ ਇਕਬਾਲੀਆ ਬਿਆਨ ਦਾ ਪ੍ਰਸਾਰਣ ਹੋਣ ‘ਤੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਦੋਵਾਂ ਨਾਲ ਗੱਲਬਾਤ ਕੀਤੀ ਗਈ ਸੀ।
ਜਗਤਾਰ ਸਿੰਘ ਜੌਹਲ ‘ਤੇ ਪਿਆ ਚੌਥਾ ਕੇਸ
ਮਨੁੱਖੀ ਅਧਿਕਾਰਾਂ ਦੇ ਵਕੀਲ ਰੰਜਨ ਲਖਨਪਾਲ ਮੁਤਾਬਕ ਇਸ ਤਰ੍ਹਾਂ ਦੇ ਵਰਤਾਰਿਆਂ ਨਾਲ ਜੱਜਾਂ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਲਿਆਉਣ ਕਿ ਕੋਸ਼ਿਸ਼ ਹੋ ਰਹੀ ਹੈ ਕਿ ਜਗਤਾਰ ਸਿੰਘ ਜੌਹਲ ਦੋਸ਼ੀ ਹੈ।ਉਨ੍ਹਾਂ ਨੇ ਮੰਗ ਕੀਤੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਅਦਾਲਤ ਇਸ ਦਾ ਨੋਟਿਸ ਲੈ ਕੇ ‘ਕਥਿਤ ਕਬੂਲਨਾਮੇ’ ਨੂੰ ਜਨਤਕ ਕਰਨ ਲਈ ਜਿੰਮੇਵਾਰ ਪੁਲਿਸ ਅਧਿਕਾਰੀ ‘ਤੇ ਕਾਰਵਾਈ ਕਰੇ।
ਜ਼ਿਕਰਯੋਗ ਹੈ ਕਿ 4 ਨਵੰਬਰ ਨੂੰ ਜਗਤਾਰ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਤਾਰ ‘ਤੇ ਪੰਜਾਬ ਵਿਚ ਹੋਏ ਸਿਆਸੀ ਕਤਲਾਂ ਲਈ ਫੰਡਿੰਗ ਦੇ ਇਲਜ਼ਾਮ ਲੱਗੇ ਹਨ।
ਵਕੀਲ ਲਖਨਪਾਲ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਨਾਲ ਨਿਰਪੱਖ ਕਨੂੰਨੀ ਅਤੇ ਅਦਾਲਤੀ ਕਾਰਵਾਈ ‘ਚ ਮੁਸ਼ਕਲ ਆ ਰਹੀ ਹੈ।
ਦੂਜੇ ਪਾਸੇ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਨੇ ਇਸ ਮਸਲੇ ਦੇ ਹਵਾਲੇ ਨਾਲ ਮੀਡੀਆ ਦੀ ਨੈਤਿਕਤਾ ‘ਤੇ ਸਵਾਲ ਚੁੱਕੇ।
ਜਗਤਾਰ ’ਤੇ ਕਦੇ ਸ਼ੱਕ ਨਹੀਂ ਹੋਇਆ’
ਮੇਰੇ ਪੁੱਤਰ ਖ਼ਿਲਾਫ ਸਬੂਤ ਹਨ ਤਾਂ ਪੇਸ਼ ਕਰੇ ਪੁਲਿਸ’
ਸਰਬਜੀਤ ਪੰਧੇਰ ਦਾ ਕਹਿਣਾ ਸੀ ਕਿ ਇਹ ਪਤਾ ਕਰਨ ਦੀ ਲੋੜ ਹੈ ਕਿ ਇਸ ਤਰ੍ਹਾਂ ਕਰਨ ਨਾਲ ਕਿਸ ਦੇ ਹਿੱਤ ਭੁਗਤਾਏ ਜਾ ਰਹੇ ਹਨ।
ਕੌਣ ਹੈ ਜ਼ਿੰਮੇਵਾਰ ਮੀਡੀਆ ਜਾਂ ਪੁਲੀਸ?
ਪੱਤਰਕਾਰ ਸਰਬਜੀਤ ਪੰਧੇਰ ਦਾ ਕਹਿਣਾ ਹੈ ਕਿ ਇਸ ਵਿੱਚ ਪੁਲੀਸ ਤੇ ਮੀਡੀਆ ਦੋਵੇਂ ਜ਼ਿੰਮੇਵਾਰ ਹਨ। ਮੀਡੀਆ ਦੀ ਆਪਣੀ ਇੱਕ ਭਰੋਸੇਯੋਗਤਾ ਹੈ। ਮੀਡੀਆ ਉੱਤੇ ਪਹਿਲਾਂ ਹੀ ਵਿਕਾਊ ਹੋਣ ਦਾ ਟੈਗ ਲੱਗਿਆ ਹੋਇਆ ਹੈ। ਇਸ ਤਰ੍ਹਾਂ ਦੇ ਕਾਰਨਾਮੇ ਉਸ ਟੈਗ ਨੂੰ ਮਜ਼ਬੂਤ ਕਰਦੇ ਹਨ।
ਬ੍ਰਿਟੇਨ ਦੀ ਜਗਤਾਰ ਜੌਹਲ ਮਾਮਲੇ ‘ਤੇ ਨਜ਼ਰ
ਪੰਧੇਰ ਇਹ ਵੀ ਮੰਨਣਾ ਸੀ, ‘ਦੂਜੇ ਪਾਸੇ ਇਹ ਲੱਗਦਾ ਹੈ ਕਿ ਪੰਜਾਬ ਪੁਲਿਸ ਨੇ ਪੁਰਾਣੇ ਸਮਿਆਂ ਤੋਂ ਕੋਈ ਸਬਕ ਨਹੀਂ ਲਿਆ। ਇਸ ਦੇ ਨਤੀਜੇ ਪੰਜਾਬ ਲਈ ਖ਼ਤਰਨਾਕ ਹੋ ਸਕਦੇ ਹਨ।’
ਇਸ ਮਾਮਲੇ ਉ੍ਰਤੇ ਬਹੁਤ ਹੀ ਬੇਬਾਕੀ ਵਾਲੀ ਟਿੱਪਣੀ ਕਰਦਿਆਂ ਲਖਨਪਾਲ ਨੇ ਕਿਹਾ, ‘ਜੇ ਇਸ ਤਰ੍ਹਾਂ ਦਾ ਕੋਈ ਇਕਬਾਲੀਆ ਬਿਆਨ ਹੋਇਆ ਹੈ ਤਾਂ ਪੁਲਿਸ ਨੂੰ ਇਸ ਨੂੰ ਗੁਪਤ ਰੱਖਣਾ ਚਾਹੀਦਾ ਸੀ।’ਲਖਨਪਾਲ ਨੇ ਕਿਹਾ ਕਿ ਜੱਜ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਪੁਲਿਸ ਦੇ ਜਾਂਚ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਸ ਤੋਂ ਇਹ ਸਵਾਲ ਵੀ ਪੁੱਛੇ ਜਾਣ ਕਿ ਗੁਪਤ ਦਸਤਾਵੇਜ਼ ਜਨਤਕ ਕਿਵੇਂ ਹੋ ਗਏ?
ਕਿਸ ਨੂੰ ਹੁੰਦਾ ਹੈ ਫ਼ਾਇਦਾ?
ਵਕੀਲ ਲਖਨਪਾਲ ਦਾ ਮੰਨਣਾ ਹੈ ਇਸ ਤਰ੍ਹਾਂ ਇਕਬਾਲੀਆ ਬਿਆਨ ਜਨਤਕ ਕਰਨ ਨਾਲ ਪੁਲਿਸ ਨੂੰ ਫ਼ਾਇਦਾ ਹੁੰਦਾ ਹੈ। ਜਦੋਂ ਜੌਹਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਸ ਵੇਲੇ ਕਾਫ਼ੀ ਰੌਲਾ ਪਿਆ ਕਿ ਇੱਕ ਗ਼ਲਤ ਬੰਦਾ ਫੜਿਆ ਗਿਆ ਹੈ।
ਵਕੀਲ ਲਖਨਪਾਲ ਮੁਤਾਬਕ ਪੁਲਿਸ ਹਿਰਾਸਤ ਵਿੱਚ ਹੋਏ ਇਕਬਾਲੀਆ ਬਿਆਨ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਜੱਜਾਂ ਦੇ ਮਨਾਂ ‘ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਲਖਨਪਾਲ ਦਾ ਖ਼ਦਸ਼ਾ ਸੀ ਕਿ ਉਕਤ ਘਟਨਾਕ੍ਰਮ ਨਾਲ ਨਿਰਪੱਖ ਅਦਾਲਤੀ ਕਾਰਵਾਈ ਨਹੀਂ ਹੋਵੇਗੀ। ਉਨ੍ਹਾਂ ਕਿਹਾ, ‘ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਪੁਲਿਸ ਕਿਸ ਤਰ੍ਹਾਂ ਕੁੱਟ ਮਾਰ ਕੇ ਇਕਬਾਲੀਆ ਬਿਆਨ ਲੈਂਦੀ ਹੈ’।ਸਰਬਜੀਤ ਪੰਧੇਰ ਨੇ ਇਸ ਉੱਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਨਿਆਂ ਪ੍ਰਣਾਲੀ ਦਾ ਹੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੂੰ ਇਸ ‘ਚ ਸਿਆਸੀ ਹਿੱਤ ਵੀ ਨਜ਼ਰ ਆਉਂਦੇ ਹਨ।

Leave a Comment