ਪੰਜਾਬ ਦੇ ਪਾਣੀਆਂ ਨੂੰ ਬੰਨ ਮਾਰਕੇ ਹੁਣ ਉਤਰਾਖੰਡ ਨੂੰ ਦੇਣ ਦੀ ਤਿਆਰੀ !!

ਪੰਜਾਬ ਦੇ ਦਰਿਆਈ ਪਾਣੀਆਂ ਦੇ ਕੁਦਰਤੀ ਵਹਾਅ ਨੂੰ ਬਦਲਣ ਦੀਆਂ ਭਾਰਤੀ ਸਾਜਿਸ਼ਾਂ ਦਾ ਅੱਜ ਇਕ ਹੋਰ ਵੱਡਾ ਸੰਕੇਤ ਮਿਲਿਆ ਜਦੋਂ ਹਰਿਆਣਾ ਦੇ ਰੋਹਤਕ ਵਿਚ ਐਗਰੀ ਲੀਡਰਸ਼ਿਪ ਸਮਿਟ 2018 ਨੂੰ ਸੰਬੋਧਨ ਕਰਦਿਆਂ ਭਾਰਤ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਨੂੰ ਜਾਂਦੇ ਦਰਿਆਵਾਂ ਦਾ ਪਾਣੀ ਉਤਰਾਖੰਡ ਵਿਚ ਤਿੰਨ ਵੱਡੇ ਡੈਮ ਬਣਾ ਕੇ ਯਮੁਨਾ ਦਰਿਆ ਵਿਚ ਪਾਉਣ ਤੋਂ ਬਾਅਦ ਹਰਿਆਣੇ ਅਤੇ ਰਾਜਸਥਾਨ ਤਕ ਲਿਆਂਦਾ ਜਾਵੇਗਾ।

ਜਿਕਰਯੋਗ ਹੈ ਕਿ ਪੰਜਾਬ ਦਾ ਦਰਿਆਈ ਪਾਣੀ ਪਹਿਲਾਂ ਹੀ ਰਾਈਪੇਰੀਅਨ ਸਿਧਾਂਤ ਦੀ ਉਲੰਘਣਾ ਕਰਕੇ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਹਰਿਆਣੇ ਅਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਲੋਕ ਜ਼ਮੀਨੀ ਪਾਣੀ ਉੱਤੇ ਨਿਰਭਰ ਹਨ ਜੋ ਲਗਾਤਾਰ ਖਾਤਮੇ ਵੱਲ ਵੱਧ ਰਿਹਾ ਹੈ।

ਪਾਣੀਆਂ ਦੀ ਇਸ ਲੁੱਟ ਦਾ ਮਸਲਾ ਪਹਿਲਾਂ ਵੀ ਪੰਜਾਬ ਅਤੇ ਹਰਿਆਣੇ ਦਰਮਿਆਨ ਟਕਰਾਅ ਦਾ ਕਾਰਨ ਹੈ ਜਿਸ ਵਿਚ ਕੇਂਦਰ ਮੁੱਢ ਤੋਂ ਹੀ ਪੰਜਾਬ ਨਾਲ ਵਿਤਕਰਾ ਕਰਦਾ ਰਿਹਾ ਹੈ। ਪਰ ਹੁਣ ਕੇਂਦਰੀ ਮੰਤਰੀ ਦਾ ਇਹ ਬਿਆਨ ਪੰਜਾਬ ਦੇ ਲੋਕਾਂ ਲਈ ਆਉਣ ਵਾਲੇ ਇਕ ਵੱਡੇ ਖਤਰੇ ਵੱਲ ਇਸ਼ਾਰਾ ਕਰ ਰਿਹਾ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਤਿੰਨ ਦਰਿਆਵਾਂ ਦਾ ਪਾਣੀ ਵਾਧੂ ਹੋ ਕੇ ਪਾਕਿਸਤਾਨ ਨੂੰ ਚਲੇ ਜਾਣ ਦਾ ਦਾਅਵਾ ਬਿਲਕੁਲ ਗ਼ਲਤ ਹੈ ਕਿ ਪੰਜਾਬ ਦੇ ਦਰਿਆਵਾਂ ਦਾ ਵਾਧੂ ਪਾਣੀ ਅਜਾਈਂ ਜਾ ਰਿਹਾ ਹੈ।

ਮੰਥਨ ਅਧਿਐਨ ਕੇਂਦਰ ਬਦਵਾਨੀ (ਮੱਧ ਪ੍ਰਦੇਸ਼) ਦੀ ਖੋਜ ਰਿਪੋਰਟ ਭਾਖੜਾ ਬੇਨਕਾਬ ’ (Unrevealing Bhakhra) ਅਨੁਸਾਰ ਸਾਲ 2001-02 ਦੌਰਾਨ ਪੰਜਾਬ ਦੇ ਦਰਿਆਵਾਂ ਵਿਚ ਪਾਕਿਸਤਾਨ ਨੂੰ ਸਿਰਫ਼ 0.2 ਲੱਖ ਏਕੜ ਫੁੱਟ ਪਾਣੀ ਹੀ ਗਿਆ, ਜੋ ਕਿ ਬਿਲਕੁਲ ਨਾਮਾਤਰ ਹੈ।

Leave a Comment