ਅੰਮਿ੍ਤਸਰ ਨੂੰ ਅਜੇ ਤੱਕ ਨਹੀਂ ਮਿਲ ਸਕਿਆ ‘ਪਵਿੱਤਰ ਸ਼ਹਿਰ’ ਜਾਂ ‘ਸ੍ਰੀ ਅੰਮਿ੍ਤਸਰ ਸਾਹਿਬ’ ਦੇ ਨਾਂਅ ਦਾ ਦਰਜਾ

ਅੰਮਿ੍ਤਸਰ, 19 ਮਾਰਚ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਵਲੋਂ ਲਗਪਗ 440 ਸਾਲ ਪਹਿਲਾਂ ਮਾਝਾ ਖੇਤਰ ‘ਚ ਵਸਾਏ ਗਏ ਧਾਰਮਿਕ, ਇਤਿਹਾਸਕ ਅਤੇ ਵਪਾਰਕ ਮਹੱਤਤਾ ਵਾਲੇ ਸ਼ਹਿਰ ਅੰਮਿ੍ਤਸਰ, ਜਿਸ ‘ਚ ਸੁਸ਼ੋਭਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਸ਼ਰਧਾਲੂ ਤੇ ਯਾਤਰੀ ਪੁੱਜਦੇ ਹਨ, ਨੂੰ ਸਰਕਾਰਾਂ ਵਲੋਂ ਕਈ ਦਹਾਕਿਆਂ ਤੋਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ । ਇਥੇ ਪੁੱਜਦੇ ਲੱਖਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਗੁਰੂ ਨਗਰੀ ਨੂੰ ਪਵਿੱਤਰ ਸ਼ਹਿਰ ਕਰਾਰ ਦਿੱਤੇ ਜਾਣ ਤੇ ਇਥੇ ਵਿਕਦੇ ਮੀਟ ਸ਼ਰਾਬ ਅਤੇ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਸ਼ਹਿਰ ਦੀ ਹਦੂਦ ਤੋਂ ਬਹਾਰ ਕੱਢੇ ਜਾਣ ਲਈ ਬੀਤੀ ਸਦੀ ਦੇ ਅੱਠਵੇਂ ਦਹਾਕੇ ਤੋਂ ਸਿੱਖ ਜਥੇਬੰਦੀਆਂ ਵਲੋਂ ਚਾਰਾਜੋਈ ਕੀਤੀ ਜਾਂਦੀ ਰਹੀ ਹੈ ਤੇ ਇਹ ਮੰਗ ਸਿੱਖਾਂ ਦੀਆਂ ਮੰਗਾਂ ‘ਚ ਅਹਿਮ ਸਥਾਨ ਰੱਖਦੀ ਰਹੀ ਹੈ, ਪਰ ਹੁਣ ਖੁਦ ਸਿੱਖ ਸੰਸਥਾਵਾਂ ਨੇ ਹੀ ਇਸ ਮੰਗ ਵਲੋਂ ਕਿਨਾਰਾ ਕੀਤਾ ਹੋਇਆ ਜਾਪਦਾ ਹੈ । 20ਵੀਂ ਸਦੀ ਦੇ 9ਵੇਂ ਦਹਾਕੇ ‘ਚ ਪੰਜਾਬ ਤੇ ਸਿੱਖ ਭਾਈਚਾਰੇ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਤੋਂ ਅਰੰਭੇ ਧਰਮ ਯੁੱਧ ਮੋਰਚੇ ਸਮੇਂ ਵੀ ਹੋਰਨਾਂ ਮੰਗਾਂ ਦੇ ਨਾਲ-ਨਾਲ ਅੰਮਿ੍ਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਵਾਲੀ ਮੰਗ ਮੁੱਖ ਤੌਰ ‘ਤੇ ਸ਼ਾਮਿਲ ਸੀ ।

ਇਸ ਬਾਰੇ ਕੇਂਦਰ ਸਰਕਾਰ ਨਾਲ ਅਕਾਲੀ ਆਗੂਆਂ ਦੀ ਸਮੇਂ-ਸਮੇਂ ਗੱਲਬਾਤ ਵੀ ਚਲਦੀ ਰਹੀ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਇਸ ਮੰਗ ਨੂੰ ਲੈ ਕੇ ਗੁਰੂ ਨਗਰੀ ਵਿਚ ਸੰਤ ਜਰਨੈਲ ਸਿੰਘ ਭਿੰੰਡਰਾਂਵਾਲਾ ਦੀ ਅਗਵਾਈ ‘ਚ ਸੰਨ 1983 ‘ਚ ਇਕ ਜ਼ੋਰਦਾਰ ਮਾਰਚ ਵੀ ਕੱਢਿਆ ਗਿਆ ਸੀ । ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਇਸੇ ਸਾਲ ਇਸ ਮੰਗ ਨੂੰ ਅੰਸ਼ਕ ਰੂਪ ‘ਚ ਲਾਗੂ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਸਿਗਰਟ ਤੇ ਤੰਬਾਕੂ ਦੀਆਂ ਦੁਕਾਨਾਂ ਨੂੰ ਕੁਝ ਮੀਟਰ ਦੂਰ ਲਿਜਾਏ ਜਾਣ ਸਬੰਧੀ ਆਦੇਸ਼ ਜਾਰੀ ਵੀ ਕੀਤਾ ਸੀ ।

ਪਰ ਕੁਝ ਗ਼ੈਰ ਸਿੱਖ ਆਗੂਆਂ ਤੇ ਜਥੇਬੰਦੀਆਂ ਵਲੋਂ ਇਸ ਮੰਗ ਦਾ ਵਿਰੋਧ ਕੀਤੇ ਜਾਣ ਕਾਰਨ ਗੱਲ ਇਸ ਤੋਂ ਅੱਗੇ ਨਹੀਂ ਵਧ ਸਕੀ । ਤੱਤਕਾਲੀ ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ 10 ਵਰਿ੍ਹਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਧਾਰਮਿਕ ਮਹੱਤਤਾ ਵਾਲੇ ਕਈ ਕਸਬਿਆਂ ਤੇ ਸ਼ਹਿਰਾਂ, ਜਿਨ੍ਹਾਂ ‘ਚ ਬਾਬਾ ਬਕਾਲਾ (ਹੁਣ ਬਾਬਾ ਬਕਾਲਾ ਸਾਹਿਬ) ਅਤੇ ਮੁਕਤਸਰ (ਹੁਣ ਸ੍ਰੀ ਮੁਕਤਸਰ ਸਾਹਿਬ), ਆਦਿ ਸ਼ਾਮਿਲ ਹਨ, ਦੇ ਨਾਂਅ ਬਦਲ ਕੇ ਉਨ੍ਹਾਂ ਦੇ ਨਾਵਾਂ ਨੂੰ ਸਤਿਕਾਰ ਦਿੰਦਿਆਂ ਉਨ੍ਹਾਂ ਨਾਲ ‘ਸਾਹਿਬ’ ਤੇ ‘ਸ੍ਰੀ’ ਸ਼ਬਦ ਲਗਾਏ ਗਏ ਹਨ । ਇਸ ਦੇ ਨਾਲ ਹੀ ਧਾਰਮਿਕ ਮਹੱਤਤਾ ਰੱਖਦੇ ਸ਼ਹਿਰਾਂ ਫਤਹਿਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੇ ਨਾਵਾਂ ਨਾਲ ਵੀ ਸ੍ਰੀ ਸ਼ਬਦ ਲਗਾ ਕੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ ।

Leave a Comment