ਅਸੀਂ ਸਿੱਖ ਕੌਮ ਦੀ ਆਜ਼ਾਦੀ ਲਈ ਲੜ੍ਹ ਰਹੇ ਹਾਂ । ਦੁਸ਼ਮਣ ਨੂੰ ‘ਅਤਿਵਾਦੀ’ ਹੀ ਲੱਗਣਾ । ਗਜਿੰਦਰ ਸਿੰਘ, ਦਲ ਖਾਲਸਾ

ਦੁਨੀਆਂ ਦੇ ਸਾਰੇ ਆਜ਼ਾਦੀ ਪਸੰਦ, ਜਦੋਂ ਤੱਕ ਉਹ ਕਾਮਯਾਬ ਨਹੀਂ ਹੋ ਗਏ ਆਪਣੇ ਦੁਸ਼ਮਣ ਲਈ ‘ਅਤਿਵਾਦੀ’ ਹੀ ਰਹੇ ਹਨ

ਅੱਜ ਕੱਲ ਫਿਰ ਦਿੱਲੀ ਹਵਾਈ ਅੱਡੇ ਦੀਆਂ ਦੀਵਾਰਾਂ ਉਤੇ ‘ਮੋਸਟ ਵਾਂਟਿਡ’ ਤਸਵੀਰਾਂ ਦੇ ਲੱਗੇ ਇਸ਼ਤਿਹਾਰ ਚਰਚਾ ਵਿੱਚ ਹਨ । ਇਸ ਸਬੰਧੀ ਅਖਬਾਰ ਵਿੱਚ ਛਪੀ ਖਬਰ ਦੀ ਕਟਿੰਗ ਬਹੁਤ ਸਾਰੇ ਦੋਸਤਾਂ ਨੇ ਕੱਲ ਸਾਂਝੀ ਕੀਤੀ ਸੀ, ਤੇ ਬਹੁਤ ਸਾਰੇ ਦੋਸਤਾਂ ਨੇ ਇਹ ਖਬਰ ਇਨਬਾਕਸ ਵੀ ਭੇਜੀ ਹੈ ।

ਪਤਾ ਨਹੀਂ ਇਹ ਇਸ਼ਤਿਹਾਰ ਨਵੇਂ ਲਗਾਏ ਗਏ ਹਨ, ਜਾਂ ੨੬ ਜਨਵਰੀ ਮੌਕੇ ਲੱਗਾਏ ਗਏ ਹੀ ਦੁਬਾਰਾ ਚਰਚਾ ਵਿੱਚ ਆ ਗਏ ਹਨ । ਭਾਰਤੀ ਹਾਕਮ ਹਰ ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਮੌਕੇ ਇਹ ਇਸ਼ਤਿਹਾਰ ਲਗਾਉਂਦੀ ਹੈ ।

ਅਸੀਂ ਸਿੱਖ ਕੌਮ ਦੀ ਆਜ਼ਾਦੀ ਲਈ ਲੜ੍ਹ ਰਹੇ ਹਾਂ, ਭਾਰਤ ਸਰਕਾਰ ਸਾਨੂੰ ਕੀ ਕਹਿੰਦੀ ਹੈ, ਇਹ ਸਾਡੇ ਲਈ ਕੋਈ ਬਹੁਤਾ ਮਹਤੱਵ ਨਹੀਂ ਰੱਖਦਾ । ਦੁਨੀਆਂ ਦੇ ਸਾਰੇ ਆਜ਼ਾਦੀ ਪਸੰਦ, ਜਦੋਂ ਤੱਕ ਉਹ ਕਾਮਯਾਬ ਨਹੀਂ ਹੋ ਗਏ ਆਪਣੇ ਦੁਸ਼ਮਣ ਲਈ ‘ਅਤਿਵਾਦੀ’ ਹੀ ਰਹੇ ਹਨ । ਤੁਸੀਂ ਸਾਉਥ ਅਫਰੀਕਾ ਦੀ ਆਜ਼ਾਦੀ ਲਹਿਰ ਤੋਂ ਕਸ਼ਮੀਰ ਤੱਕ ਜਿਸ ਮਰਜ਼ੀ ਲਹਿਰ ਦਾ ਇੱਤਹਾਸ ਪੜ੍ਹ ਲਉ ਤੁਹਾਨੂੰ ਇਸ ਦੀਆਂ ਮਿਸਾਲਾਂ ਮਿੱਲ ਜਾਣਗੀਆਂ ।

ਸਾਉਥ ਅਫਰੀਕਾ ਦਾ ਆਜ਼ਾਦੀ ਪਸੰਦ ਲੀਡਰ, ਨੈਲਸਨ ਮੰਡੇਲਾ, ਜੋ ਹੁਣ ਦੁਨੀਆਂ ਵਿੱਚ ਨਹੀਂ ਰਿਹਾ, ਦੁਨੀਆਂ ਭਰ ਲਈ ਇੱਕ ‘ਆਈਡੀਅਲ’ ਵਾਂਗ ਸੀ, ਉਹ ਵੀ ਕਿਸੇ ਵੇਲੇ ਗੋਰੀ ਹਕੂਮੱਤ ਲਈ ‘ਅਤਿਵਾਦੀ’ ਹੀ ਸੀ । ਭਾਰਤੀ ਸਰਕਾਰ ਪ੍ਰਸਤ ਮੀਡੀਆ ਕਸ਼ਮੀਰ ਦੇ ਆਜ਼ਾਦੀ ਪਸੰਦ ਬਜ਼ੁਰਗ ਲੀਡਰ ‘ਸਈਅਦ ਅਲੀ ਗਿਲਾਨੀ’ ਤੇ ਉਹਨਾਂ ਦੇ ਸਾਥੀਆਂ ਨੂੰ ‘ਗਿਲਾਨੀ ਗੈਂਗ’ ਕਹਿ ਕੇ ਸੰਬੋਧਨ ਹੁੰਦਾ ਹੈ । ਜਿਸ ਲੀਡਰ ਦੀ ਇੱਕ ਆਵਾਜ਼ ਤੇ ਸਾਰਾ ਕਸ਼ਮੀਰ ਸੜ੍ਹਕਾਂ ਉਤੇ ਆ ਜਾਂਦਾ ਹੈ, ਉਹ ਭਾਰਤੀਆਂ ਨੂੰ ‘ਗੈਂਗ ਲੀਡਰ’ ਲੱਗਦਾ ਹੈ ।

ਸਾਡੇ ਲਈ ਇਹ ਅਹਿਮ ਹੈ ਕਿ ਸਾਡੀ ਕੋਮ ਸਾਨੂੰ ਪਿਆਰ ਕਰਦੀ ਹੈ, ਜਾਂ ਨਹੀਂ । ਆਪਣੀ ਕੌਮ ਦਾ ਪਿਆਰ ਮੈਂ ਅਕਾਲੀਆਂ ਜਾਂ ਕਾਗਰਸੀਆਂ ਨੂੰ ਪੈਣ ਵਾਲੀਆਂ ਵੋਟਾਂ ਰਾਹੀਂ ਨਹੀਂ ਦੇਖਦਾ । ਅਗਰ ਭਾਰਤ ਸਰਕਾਰ ਸਾਡੇ ਲਈ ਸਾਡੇ ਲੋਕਾਂ ਦਾ ਪਿਆਰ ਦੇਖਣਾ ਚਾਹੁੰਦੀ ਹੈ, ਤਾਂ ਯੂ ਐਨ ਓ ਨੂੰ ਪੰਜਾਬ ਵਿੱਚ ਸੱਦ ਕੇ ਉਸ ਦੀ ਨਗਰਾਨੀ ਵਿੱਚ ਰੈਫਰੈਂਡਮ ਕਰਵਾ ਕੇ ਦੇਖੇ ।

ਜ਼ਾਤੀ ਤੌਰ ਤੇ ਮੈਂ ਗੱਲ ਕਰਾਂ ਤਾਂ ਸੱਚੇ ਪਾਤਸ਼ਾਹ ਦਾ ਜਿੰਨਾ ਸ਼ੁਕਰ ਅਦਾ ਕਰਾਂ ਥੋੜ੍ਹਾ ਲੱਗਦਾ ਹੈ, ਉਸ ਮਾਣ ਲਈ ਜੋ ਉਸ ਨੇ ਗਜਿੰਦਰ ਸਿੰਘ ਵਰਗੇ ਆਮ ਜਿਹੇ ਬੰਦੇ ਨੂੰ ਬਖਸ਼ਿਆ ਹੈ ।

ਲੋਕਾਂ ਦੇ ਪਿਆਰ ਦੀਆਂ ਕੁੱਝ ਐਸੀਆਂ ਮਿਸਾਲਾਂ ਸੀਨੇ ਵਿੱਚ ਸਾਂਭੀਆਂ ਹੋਈਆਂ ਹਨ, ਜਿਨ੍ਹਾਂ ਦਾ ਆਪਣੀ ਕਲਮ ਤੋਂ ਜ਼ਿਕਰ ਕਰਦਿਆਂ ਵੀ ਸੰਘ ਮਹਿਸੂਸ ਹੁੰਦੀ ਹੈ । ਆਪ ਸੱਭ ਦਾ ਪਿਆਰ ਹੀ ਗਜਿੰਦਰ ਸਿੰਘ ਦੀਆਂ ਰਗ਼ਾਂ ਵਿੱਚ ਲਹੂ ਬਣ ਕੇ ਦੌੜ੍ਹਦਾ ਹੈ, ਨਹੀਂ ਤਾਂ ਮੇਰੇ ਪੱਲੇ ਐਸਾ ਕੁੱਝ ਨਹੀਂ ਸੀ, ਜਿਸ ਨਾਲ ਮੈਂ ਇੰਨੀ ਲੰਮੀ ਜੇਲ੍ਹ ਤੇ ਜੇਲ੍ਹ ਵਰਗੀ ਜਲਾਵਤਨੀ ਕੱਟ ਸਕਦਾ । ਆਪ ਸੱਭ ਦੇ ਪਿਆਰ ਸਾਹਮਣੇ ਭਾਰਤੀ ਹਾਕਮਾਂ ਦੇ ‘ਮੋਸਟ ਵਾਂਟਿਡ’ ਦੇ ਇਸ਼ਤਿਹਾਰ ਕੋਈ ਅਰਥ ਨਹੀਂ ਰੱਖਦੇ । ਇਹ ਇਸ਼ਤਿਹਾਰ ਤਾਂ ਸਾਨੂੰ ਹੁਣ ਕਿਸੇ ਵੱਡੀ ਡਿਗਰੀ ਦੇ ‘ਸਰਟੀਫਿਕੇਟ’ ਲੱਗਣ ਲੱਗ ਪਏ ਹਨ ।

ਗਜਿੰਦਰ ਸਿੰਘ, ਦਲ ਖਾਲਸਾ ।
੧੦.੩.੨੦੧੮
……………. ……………….

Leave a Comment